Main Content
ਪਬਲਿਕ ਆਟੋ ਇਨਸ਼ੋਰੈਂਸ ਨੂੰ ਠੀਕ ਕਰਨ ਲਈ ਬੀ.ਸੀ. ਦੀ ਸਰਕਾਰ ਤਬਦੀਲੀਆਂ ਕਰ ਰਹੀ ਹੈ। ਆਈ.ਸੀ.ਬੀ.ਸੀ. ਦਾ ਨਵਾਂ ਇਨਹੈਂਸਡ ਕੇਅਰ ਮਾਡਲ, ਐਕਸੀਡੈਂਟ ਵਿਚ ਫੱਟੜ ਹੋਣ ਵਾਲਿਆਂ ਦੀ ਉਦੋਂ ਬਿਹਤਰ ਸੰਭਾਲ ਕਰਕੇ ਮਦਦ ਕਰੇਗਾ ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਲੋੜੀਂਦੀ ਸੰਭਾਲ ਲੈਣ ਲਈ ਕਿਸੇ ਨੂੰ ਵੀ ਵਕੀਲ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ।
ਨਵਾਂ ਇਨਹੈਂਸਡ ਕੇਅਰ ਮਾਡਲ ਇਲਾਜ ਅਤੇ ਸੰਭਾਲ ਲਈ ਮਿਲਣ ਵਾਲੇ ਪੈਸਿਆਂ ਨੂੰ ਵਧਾ ਕੇ 7.5 ਮਿਲੀਅਨ ਡਾਲਰ ਤੱਕ ਕਰਦਾ ਹੈ (ਜੋ ਕਿ ਮੌਜੂਦਾ 300,000 ਡਾਲਰ ਤੋਂ ਕਿਤੇ ਵੱਧ ਹੈ)। ਬਹੁਗਿਣਤੀ ਕਾਨੂੰਨੀ ਗੁੰਝਲਾਂ ਨੂੰ ਹਟਾ ਕੇ, ਡਰਾਈਵਰ ਮੌਜੂਦਾ ਮਾਡਲ ਦੇ ਮੁਕਾਬਲੇ ਪ੍ਰੀਮੀਅਮਾਂ ਵਿਚ ਔਸਤ 400 ਡਾਲਰ ਦੀ ਬੱਚਤ ਕਰਨ ਦੀ ਉਮੀਦ ਰੱਖ ਸਕਦੇ ਹਨ।
ਜ਼ਿਆਦਾ ਜਾਣਕਾਰੀ ਲਈ, 2021.icbc.com `ਤੇ ਜਾਉ।
ਹਰ ਡਰਾਈਵਰ ਨੂੰ ਚੰਗੀ ਕਾਰ ਇਨਸ਼ੋਰੈਂਸ ਦੀ ਲੋੜ ਹੁੰਦੀ ਹੈ – ਅਤੇ ਚੰਗੀ ਸੰਭਾਲ ਦੀ ਜੇ ਅਸੀਂ ਫੱਟੜ ਹੋ ਜਾਈਏ। ਇਸ ਕਰਕੇ ਹੀ ਕਾਰ ਇਨਸ਼ੋਰੈਂਸ ਕਦੇ ਵੀ ਸਿਰਫ ਕਾਰ ਬਾਰੇ ਨਹੀਂ ਹੁੰਦੀ। ਇਹ ਲੋਕਾਂ ਬਾਰੇ ਅਤੇ ਸੜਕ `ਤੇ ਹਰ ਇੱਕ ਦੀ ਸੁਰੱਖਿਆ ਬਾਰੇ ਹੁੰਦੀ ਹੈ।
ਕੇਅਰ-ਮਾਡਲ, ਜਿਸ ਨੂੰ ਕੁਝ ਹੋਰ ਇਲਾਕਿਆਂ ਵਿਚ “ਨੋ-ਫਾਲਟ ਮਾਡਲ” ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਮਤਲਬ ਹੈ ਕਿ ਜੇ ਤੁਸੀਂ ਕਿਸੇ ਐਕਸੀਡੈਂਟ ਵਿਚ ਫੱਟੜ ਹੋ ਜਾਂਦੇ ਹੋ ਤਾਂ ਤੁਹਾਡੀ ਕਾਰ ਇਨਸ਼ੋਰੈਂਸ ਦਾ ਮੁਢਲਾ ਮੰਤਵ ਸਿਹਤਯਾਬ ਹੋਣ ਵਿੱਚ ਤੁਹਾਡੀ ਮਦਦ ਕਰਚਾ ਹੈ, ਭਾਵੇਂ ਐਕਸੀਡੈਂਟ ਹੋਣ ਪਿੱਛੇ ਤੁਹਾਡੀ ਗ਼ਲਤੀ ਸੀ ਜਾਂ ਕਿਸੇ ਹੋਰ ਦੀ।
ਕੇਅਰ-ਮਾਡਲ ਹੇਠ, ਤੁਹਾਡੀ ਗ਼ਲਤੀ ਕਾਰਣ ਹੋਏ ਐਕਸੀਡੈਂਟ ਲਈ ਤੁਸੀਂ ਅਜੇ ਵੀ ਜ਼ਿੰਮੇਵਾਰ ਹੋਵੋਗੇ ਅਤੇ ਇਸ ਦੇ ਨਤੀਜੇ ਵਜੋਂ ਤੁਹਾਡੇ ਭਵਿੱਖ ਦੇ ਪ੍ਰੀਮੀਅਮ ਅਡਜਸਟ ਕੀਤੇ ਜਾਣਗੇ। ਪਰ, ਤੁਹਾਨੂੰ ਇਸ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ ਕਿ ਕੀ ਐਕਸੀਡੈਂਟ ਵਿਚ ਫੱਟੜ ਹੋਏ ਵਿਅਕਤੀ ਦੀ ਸੰਭਾਲ ਨੂੰ ਕਵਰ ਕਰਨ ਲਈ ਤੁਹਾਡੇ ਕੋਲ ਲੋੜੀਂਦੀ ਇਨਸ਼ੋਰੈਂਸ ਹੈ ਜਾਂ ਨਹੀਂ। ਕੇਅਰ-ਮਾਡਲ ਹੇਠ ਸਿਸਟਮ ਨੂੰ ਇੰਝ ਤਿਆਰ ਕੀਤਾ ਗਿਆ ਹੈ ਜਿਸ ਨਾਲ ਜ਼ਖਮੀ ਹੋਣ ਵਾਲਿਆਂ ਨੂੰ ਉਹ ਬਣਦੀ ਸੰਭਾਲ ਦਿੱਤੀ ਜਾ ਸਕੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਕੇਅਰ-ਮਾਡਲ ਤੁਹਾਨੂੰ ਉਸ ਵਿਅਕਤੀ ਵਲੋਂ ਮੁਕੱਦਮਾ ਕੀਤੇ ਜਾਣ ਤੋਂ ਵੀ ਬਚਾਉਂਦਾ ਹੈ ਜਿਸ ਨੂੰ ਤੁਸੀਂ ਟੱਕਰ ਮਾਰੀ ਹੈ, ਜੇ ਐਕਸੀਡੈਂਟ ਲਈ ਤੁਹਾਡੀ ਕੋਈ ਮੁਜਰਮਾਨਾ ਗਲਤੀ ਨਹੀਂ ਸੀ। ਤੁਹਾਡਾ ਡਾਕਟਰ ਜਾਂ ਸਿਹਤ ਸੰਭਾਲ ਦੇ ਮਾਹਰ ਇਹ ਫੈਸਲਾ ਕਰਦੇ ਹਨ ਕਿ ਤੁਹਾਨੂੰ ਕਿਹੜੀ ਸੰਭਾਲ ਅਤੇ ਇਲਾਜ ਦੀ ਲੋੜ ਹੈ, ਨਾ ਕਿ ਕੋਈ ਵਕੀਲ ਜਾਂ ਇਨਸ਼ੋਰੈਂਸ ਕੰਪਨੀ।
ਟੋਰਟ-ਮਾਡਲ, ਆਪਣੇ ਨਾਲ ਕਾਨੂੰਨੀ ਖਰਚੇ ਜੁੜੇ ਹੋਣ ਕਰਕੇ, ਫੱਟੜ ਲੋਕਾਂ ਦੇ ਇਲਾਜ ਲਈ ਬਹੁਤ ਘੱਟ ਕਵਰੇਜ ਪ੍ਰਦਾਨ ਕਰਦਾ ਹੈ। ਨਤੀਜੇ ਵਜੋਂ, ਫੱਟੜ ਹੋਏ ਡਰਾਈਵਰਾਂ ਨੂੰ, ਜਿਨ੍ਹਾਂ ਦਾ ਐਕਸੀਡੈਂਟ ਵਿੱਚ ਕੋਈ ਕਸੂਰ ਨਹੀਂ ਹੁੰਦਾ, ਆਪਣੀ ਸੰਭਾਲ ਲਈ ਕੁਝ ਪੈਸੇ ਲੈਣ ਲਈ ਅਕਸਰ ਕਾਨੂੰਨੀ ਕਾਰਵਾਈਆਂ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਪਰ, ਇਹ ਸਦਾ ਫੱਟੜ ਹੋਈ ਧਿਰ ਦੇ ਹੱਕ ਵਿੱਚ ਕੰਮ ਨਹੀਂ ਕਰਦਾ ਅਤੇ, ਜੇ ਉਨ੍ਹਾਂ ਨੂੰ ਇੱਕ ਵੇਲੇ ਮਿਲਣ ਵਾਲੀ ਉੱਕੀ-ਪੁੱਕੀ ਪੇਮੈਂਟ ਦੇ ਰੂਪ ਵਿੱਚ ਕਿਸੇ ਤਰ੍ਹਾਂ ਦੀ ਸੈਟਲਮੈਂਟ ਮਿਲ ਵੀ ਜਾਂਦੀ ਹੈ ਤਾਂ ਇਸ ਦਾ ਇੱਕ ਹਿੱਸਾ ਕਾਨੂੰਨੀ ਫੀਸਾਂ ਦੇਣ ਲਈ ਚਲਾ ਜਾਂਦਾ ਹੈ ਜਿਸ ਨਾਲ ਸੰਭਾਲ ਅਤੇ ਇਲਾਜ ਲਈ ਘੱਟ ਪੈਸੇ ਬਚਦੇ ਹਨ।
ਜੇ ਤੁਹਾਡੇ ਗੰਭੀਰ ਸੱਟਾਂ ਲੱਗਦੀਆਂ ਹਨ ਤਾਂ ਤੁਹਾਨੂੰ ਸਾਲਾਂ ਭਰ ਜਾਂ ਜ਼ਿੰਦਗੀ ਭਰ ਲਈ ਇਲਾਜ ਅਤੇ ਰੀਹੈਬਲੀਟੇਸ਼ਨ (ਪੁਨਰ ਵਾਸ) ਦੀ ਲੋੜ ਹੋ ਸਕਦੀ ਹੈ। ਅਤੇ ਤੁਹਾਡੀ ਰਿਕਵਰੀ ਦੀ ਕੁਆਲਟੀ ਇਸ ਚੀਜ਼ `ਤੇ ਨਿਰਭਰ ਕਰ ਸਕਦੀ ਹੈ ਕਿ ਤੁਹਾਡੇ ਕੋਲ – ਅਤੇ ਤੁਹਾਡੇ ਟੱਕਰ ਮਾਰਨ ਵਾਲੇ ਡਰਾਈਵਰ ਕੋਲ – ਤੁਹਾਡੀ ਸੰਭਾਲ ਦੇ ਖਰਚਿਆਂ ਨੂੰ ਲੋੜ ਪੈਂਦੇ ਰਹਿਣ ਤਕ ਕਵਰ ਕਰਨ ਲਈ ਕਾਫੀ ਇਨਸ਼ੋਰੈਂਸ ਹੈ।
ਇਸ ਕਰਕੇ ਹੀ ਕੇਅਰ-ਮਾਡਲ ਅਤੇ ਟੋਰਟ-ਮਾਡਲ ਵਿਚਕਾਰ ਫਰਕ ਇੰਨਾ ਮਹੱਤਵਪੂਰਨ ਹੈ। ਅਤੇ ਸਸਕੈਚਵਾਨ ਵਿਚਲਾ ਪਬਲਿਕ ਇਨਸ਼ੋਰੈਂਸ ਮਾਡਲ ਇੱਕ ਬਹੁਤ ਚੰਗੀ ਤੁਲਨਾ ਪ੍ਰਦਾਨ ਕਰਦਾ ਹੈ। ਸਸਕੈਚਵਾਨ ਦੀ ਜਨਰਲ ਇਨਸ਼ੋਰੈਂਸ ਦੋਨੋਂ ਕੇਅਰ-ਮਾਡਲ (ਨੋ-ਫਾਲਟ) ਅਤੇ ਟੋਰਟ ਮਾਡਲ ਇੱਕੋ ਕੀਮਤ `ਤੇ ਪ੍ਰਦਾਨ ਕਰਦੀ ਹੈ। ਪਰ, 99% ਨਾਲੋਂ ਜ਼ਿਆਦਾ ਡਰਾਈਵਰ ਕੇਅਰ ਮਾਡਲ ਦੀ ਚੋਣ ਕਰਦੇ ਹਨ।
ਇਹ ਇਸ ਕਰਕੇ ਹੈ ਕਿਉਂਕਿ ਇੱਕੋ ਕੀਮਤ `ਤੇ, ਕੇਅਰ-ਮਾਡਲ ਮੈਡੀਕਲ ਅਤੇ ਰੀਹੈਬਲੀਟੇਸ਼ਨ ਦੀ ਕਵਰੇਜ ਲਈ 7.1 ਮਿਲੀਅਨ ਡਾਲਰ ਨਾਲੋਂ ਜ਼ਿਆਦਾ ਦਿੰਦਾ ਹੈ। ਦੂਜੇ ਪਾਸੇ, ਟੋਰਟ-ਮਾਡਲ, ਮਾਮੂਲੀ 28,159 ਡਾਲਰ ਦਿੰਦਾ ਹੈ (ਜੇ ਤੁਹਾਡੇ ਬਹੁਤ ਵੱਡੀ ਸੱਟ ਲੱਗ ਜਾਵੇ ਤਾਂ ਇਹ ਰਕਮ ਸਿਰਫ 211,189 ਡਾਲਰ ਤੱਕ ਹੀ ਜਾਂਦੀ ਹੈ)। ਇੰਨੀਆਂ ਘੱਟ ਰਕਮਾਂ ਨਾਲ ਲੋਕ ਉਸ ਸੰਭਾਲ ਤੋਂ ਵਾਂਝੇ ਰਹਿ ਸਕਦੇ ਹਨ ਜਿਸ ਦੀ ਉਨ੍ਹਾਂ ਨੂੰ ਲੋੜ ਹੈ।
ਫਰਕ ਬਾਰੇ ਇੱਥੇ ਜ਼ਿਆਦਾ ਜਾਣੋ।
ਹੈਲਥਕੇਅਰ ਗਰੁੱਪ, ਜਿਨ੍ਹਾਂ ਵਿਚ ਬੀ.ਸੀ. ਦੇ ਡਾਕਟਰ ਫਿਜ਼ੀਓਥੈਰੇਪੀ ਐਸੋਸੀਏਸ਼ਨ ਔਫ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡੀਅਨ ਐਸੋਸੀਏਸ਼ਨ ਔਫ ਆਕੂਪੇਸ਼ਨਲ ਥੈਰੇਪਿਸਟਸ ਸ਼ਾਮਲ ਹਨ, ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ, ਸਾਰੇ ਪਬਲਿਕ ਕਾਰ ਇਨਸ਼ੋਰੈਂਸ ਲਈ ਨਵੇਂ ਕੇਅਰ-ਮਾਡਲ ਦੇ ਹੱਕ ਵਿਚ ਬੋਲੇ ਹਨ।
ਇਸ ਦੇ ਇਲਾਵਾ, ਸੂਬੇ ਭਰ ਵਿੱਚ ਇਨਸ਼ੋਰੈਂਸ ਬਰੋਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਇਨਸ਼ੋਰੈਂਸ ਬਰੋਕਰਜ਼ ਐਸੋਸੀਏਸ਼ਨ ਔਫ ਬੀ.ਸੀ. ਵੀ ਨਵੇਂ ਇਨਹੈਂਸਡ ਕੇਅਰ ਮਾਡਲ ਦੇ ਹੱਕ ਵਿਚ ਬੋਲੀ ਹੈ।
ਸਭ ਤੋਂ ਜ਼ਰੂਰੀ, ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਬਹੁਤ ਜ਼ਿਆਦਾ ਗਿਣਤੀ ਵਿੱਚ ਇਨਹੈਂਸਡ ਕੇਅਰ ਮਾਡਲ ਦੀ ਹਿਮਾਇਤ ਕੀਤੀ ਹੈ। ਮਾਰਚ 2020 ਵਿੱਚ ਰੀਸਰਚ ਕੰਪਨੀ ਔਫ ਬ੍ਰਿਟਿਸ਼ ਕੋਲੰਬੀਅਨਜ਼ ਵਲੋਂ ਕੀਤੇ ਕੀਤੇ ਗਏ ਇੱਕ ਸਰਵੇ ਨੇ ਇਹ ਪਤਾ ਲਾਇਆ ਕਿ ਚਾਰ ਵਿੱਚੋਂ ਤਿੰਨ ਲੋਕ (75%) ਕੇਅਰ ਮਾਡਲ ਦੀ ਹਿਮਾਇਤ ਕਰਦੇ ਹਨ, ਅਤੇ ਖਾਸ ਕਰਕੇ, ਦਸ ਵਿੱਚੋਂ ਸੱਤ (72%) ਆਈ.ਸੀ.ਬੀ.ਸੀ. ਦੇ ਇਨਹੈਂਸਡ ਕੇਅਰ ਮਾਡਲ ਦੀ ਹਿਮਾਇਤ ਕਰਦੇ ਹਨ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਨਹੈਂਸਡ ਕੇਅਰ ਮਾਡਲ, ਆਪਣੇ ਪਹਿਲੇ ਸਾਲ ਵਿੱਚ ਕਾਨੂੰਨੀ ਖਰਚਿਆਂ ਦੇ 1 ਬਿਲੀਅਨ ਨਾਲੋਂ ਜ਼ਿਆਦਾ ਡਾਲਰ ਬਚਾਉਣ ਵਿੱਚ ਮਦਦ ਕਰੇਗਾ ਅਤੇ ਇਹ ਪੈਸੇ ਹਰ ਡਰਾਈਵਰ ਲਈ ਬੱਚਤਾਂ ਅਤੇ ਫੱਟੜ ਹੋਣ ਵਾਲੇ ਲੋਕਾਂ ਦੀ ਬਿਹਤਰ ਸੰਭਾਲ ਵੱਲ ਜਾਣਗੇ। ਇਸ ਕਰਕੇ ਹੀ ਪਰਸਨਲ ਇੰਜਰੀ ਲੌਈਅਰਜ਼ ਦੀ ਨੁਮਾਇੰਦਗੀ ਕਰਨ ਵਾਲੀ ਟਰਾਇਲ ਲੌਈਅਰਜ਼ ਐਸੋਸੀਏਸ਼ਨ ਔਫ ਬੀ.ਸੀ. ਆਪਣੇ ਮੁਨਾਫੇ ਬਚਾਉਣ ਦੇ ਯਤਨ ਵਜੋਂ ਲੋਕਾਂ ਨੂੰ ਇਸ ਗੱਲ ’ਤੇ ਸਹਿਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕ ਆਪਣੇ ਹੱਕ ਗੁਆ ਰਹੇ ਹਨ। ਪਰ ਇਹ ਦਲੀਲ ਇਸ ਤੱਥ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰਦੀ ਹੈ ਕਿ ਨਵੇਂ ਇਨਹੈਂਸਡ ਕੇਅਰ ਮਾਡਲ ਨਾਲ ਤੁਸੀਂ ਅਜੇ ਵੀ ਗਲਤੀ ਵਾਲੇ ਡਰਾਈਵਰ `ਤੇ ਮੁਕੱਦਮਾ ਕਰ ਸਕਦੇ ਹੋ ਜੇ ਉਹ ਮੁਜਰਮਾਨਾ ਦੋਸ਼ੀ ਪਾਇਆ ਗਿਆ ਹੈ, ਜਿਵੇਂ ਕਿ ਸ਼ਰਾਬੀ ਹੋ ਕੇ ਗੱਡੀ ਚਲਾਉਣਾ ਜਾਂ ਜ਼ਿਆਦਾ ਸਪੀਡ ਉੱਪਰ ਗੱਡੀ ਚਲਾਉਣਾ।
ਪਬਲਿਕ ਕਾਰ ਇਨਸ਼ੋਰੈਂਸ ਨੂੰ ਠੀਕ ਕਰਨਾ ਲੋਕਾਂ ਦੀ ਬਿਹਤਰ ਸੰਭਾਲ ਕਰਨ ਬਾਰੇ ਹੈ – ਨਾ ਕਿ ਵਕੀਲਾਂ ਅਤੇ ਵੱਡੀਆਂ ਕੰਪਨੀਆਂ ਦੀ ਅਮੀਰ ਬਣਨ ਵਿੱਚ ਮਦਦ ਕਰਨ ਬਾਰੇ।
ਪ੍ਰਾਈਵੇਟ ਇਨਸ਼ੋਰੈਂਸ ਕੰਪਨੀਆਂ ਦਾ ਮਕਸਦ ਮੁਨਾਫਾ ਕਮਾਉਣਾ ਹੈ। ਆਪਣੇ ਮੁਨਾਫਿਆਂ ਨੂੰ ਵੱਧ ਤੋਂ ਵੱਧ ਕਰਨ ਲਈ, ਉਨ੍ਹਾਂ ਦਾ ਮਕਸਦ ਹੈ ਘੱਟ ਤੋਂ ਘੱਟ ਅਦਾਇਗੀ ਕਰਨੀ। ਉਨ੍ਹਾਂ ਦਾ ਤਜਰਬਾ ਓਨਟੇਰੀਓ ਵਿੱਚ ਸਾਮ੍ਹਣੇ ਹੈ, ਜਿੱਥੇ ਪ੍ਰੀਮੀਅਮ ਤਾਂ ਦੇਸ਼ ਭਰ ਵਿੱਚ ਸਭ ਨਾਲੋਂ ਜ਼ਿਆਦਾ ਹਨ ਪਰ ਲਾਜ਼ਮੀ ਇਨਸ਼ੋਰੈਂਸ ਹੇਠ ਐਕਸੀਡੈਂਟ ਬੈਨੇਫਿਟਸ ਗੈਰ-ਵੱਡੀਆਂ ਸੱਟਾਂ ਲਈ ਸਿਰਫ 65,000 ਡਾਲਰ ਤੱਕ, ਅਤੇ ਵੱਡੀਆਂ ਸੱਟਾਂ ਲਈ 1 ਮਿਲੀਅਨ ਡਾਲਰ ਤੱਕ ਹੀ ਕਵਰ ਕਰਦੇ ਹਨ। ਆਪਣੀ ਕਵਰੇਜ ਵਧਾਉਣ ਲਈ ਤੁਸੀਂ ਵਾਧੂ ਪੈਸੇ ਦੇ ਸਕਦੇ ਹੋ, ਪਰ ਇਹ ਹੱਦ ਗੈਰ-ਵੱਡੀਆਂ ਸੱਟਾਂ ਲਈ 1 ਮਿਲੀਅਨ ਡਾਲਰ ਤੱਕ, ਅਤੇ ਵੱਡੀਆਂ ਸੱਟਾਂ ਲਈ 3 ਮਿਲੀਅਨ ਡਾਲਰ ਤੱਕ ਹੀ ਜਾਂਦੀ ਹੈ।
ਭਾਵੇਂ ਤੁਸੀਂ ਹੋਰ ਕਵਰੇਜ ਲਈ ਵਾਧੂ ਪੈਸੇ ਵੀ ਦਿੰਦੇ ਹੋ, ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਸੰਭਾਲ ਦੀ ਲੋੜ ਪੈਣ ’ਤੇ ਪ੍ਰਾਈਵੇਟ ਇਨਸ਼ੋਰੈਂਸ ਕੰਪਨੀ ਵੱਲੋਂ ਖਰਚਾ ਦਿੱਤਾ ਜਾਵੇਗਾ। ਓਨਟੇਰੀਓ ਵਿੱਚ ਉਨ੍ਹਾਂ ਲੋਕਾਂ ਲਈ ਇੱਕ ਸਿਸਟਮ ਬਣਾਇਆ ਹੋਇਆ ਹੈ ਜਿਨ੍ਹਾਂ ਦਾ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਪ੍ਰਾਈਵੇਟ ਇਨਸ਼ੋਰੈਂਸ ਕੰਪਨੀ ਨਾਲ ਮਤਭੇਦ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਓਨਟੇਰੀਓ ਵਿੱਚ ਪ੍ਰਾਈਵੇਟ ਇਨਸ਼ੋਰੈਂਸ ਕੰਪਨੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਤੁਹਾਡੇ ਲਈ ਢੁਕਵੀਂ ਸੰਭਾਲ ਅਤੇ ਇਲਾਜ ਬਾਰੇ ਫੈਸਲਾ ਕਰਨ ਦਾ ਹੱਕ ਤੁਹਾਡੇ ਡਾਕਟਰ ਜਾਂ ਸਿਹਤ ਮਾਹਰ ਕੋਲ ਨਹੀਂ, ਸਗੋਂ ਪ੍ਰਾਈਵੇਟ ਇਨਸ਼ੋਰੈਂਸ ਕੰਪਨੀਆਂ ਕੋਲ ਹੈ।
ਬੀ.ਸੀ. ਸਰਕਾਰ ਮੁਤਾਬਕ, ਅਗਲੇ ਸਾਲ ਦੌਰਾਨ, ਡਰਾਈਵਰ ਕਾਰ ਦੀ ਇਨਸ਼ੋਰੈਂਸ `ਤੇ ਔਸਤ 400 ਡਾਲਰ ਬਚਾਉਣਾ ਸ਼ੁਰੂ ਕਰ ਦੇਣਗੇ – ਤਕਰੀਬਨ 20 ਪ੍ਰਤੀਸ਼ਤ।
ਅਰਨਸਟ ਐਂਡ ਯੰਗ ਐੱਲ.ਐੱਲ.ਪੀ. ਨੇ ਵੀ ਕੈਨੇਡਾ ਭਰ ਦੇ ਆਟੋਮੋਬਾਇਲ ਇਨਸ਼ੋਰੈਂਸ ਰੇਟਾਂ ਦੀ ਤੁਲਨਾ ਕੀਤੀ ਹੈ ਅਤੇ ਕਈ ਵੱਖ ਵੱਖ ਖਾਕਿਆਂ ਦੀਆਂ ਕਿਸਮਾਂ ਦੇਖੀਆਂ ਹਨ, ਇਹ ਦਿਖਾਉਂਦੇ ਹੋਏ ਕਿ ਮੌਜੂਦਾ ਰੇਟ ਕੀ ਹਨ ਅਤੇ ਮਈ 2021 ਵਿੱਚ ਨਵੇਂ ਇਨਹੈਂਸਡ ਕੇਅਰ ਮਾਡਲ ਹੇਠ ਰੇਟ ਕੀ ਹੋਣਗੇ।
ਬਹੁਤ ਸਾਰੇ ਲੋਕ - Consumers’ Association of Canada ਨਾਲ ਸ਼ੁਰੂ ਕਰਕੇ। ਉਹ ਪਬਲਿਕ ਇਨਸ਼ੋਰੈਂਸ ਦੇ ਹੱਕ ਵਿਚ ਬੋਲੇ ਹਨ। ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਾਈਵੇਟ ਇਨਸ਼ੋਰੈਂਸ ਉਨ੍ਹਾਂ ਸਭ ਤੋਂ ਵੱਡੀਆਂ ਠਗੀਆਂ ਵਿੱਚੋਂ ਇਕ ਹੈ ਜਿਨ੍ਹਾਂ ਦਾ ਕੈਨੇਡੀਅਨਾਂ ਨੂੰ ਸਾਮ੍ਹਣਾ ਕਰਨਾ ਪੈ ਰਿਹਾ ਹੈ।
Insurance Brokers Association of BC, ਜਿਹੜੇ ਲੋਕ ਡਰਾਈਵਰਾਂ ਨੂੰ ਇਨਸ਼ੋਰੈਂਸ ਵੇਚਦੇ ਹਨ, ਪਬਲਿਕ ਇਨਸ਼ੋਰੈਂਸ ਨੂੰ ਰੱਖਣ ਦੇ ਵੀ ਹਿਮਾਇਤੀ ਹਨ। ਅਤੇ ਇਸੇ ਤਰ੍ਹਾਂ ਆਈ ਸੀ ਬੀ ਸੀ ਦੇ ਮੂਹਰਲੀਆਂ ਸਫ਼ਾਂ ਵਿਚ ਕੰਮ ਕਰਦੇ ਵਰਕਰ, ਜਿਹੜੇ ਕਿ ਉਹ ਮਹੱਤਵ ਅਤੇ ਕਮਿਉਨਟੀ ਨੂੰ ਫਾਇਦੇ ਦੇਖਦੇ ਹਨ ਜਿਹੜੀ ਪਬਲਿਕ ਇਨਸ਼ੋਰੈਂਸ ਹਰ ਰੋਜ਼ ਪ੍ਰਦਾਨ ਕਰਦੀ ਹੈ।
1970ਵਿਆਂ ਦੇ ਸ਼ੁਰੂ ਵਿਚ ਅਤੇ ਆਈ ਸੀ ਬੀ ਸੀ ਦੀ ਸ਼ੁਰੂਆਤ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ ਲੋਕਾਂ ਨੂੰ ਉਹ ਦਿਨ ਯਾਦ ਹੋਣਗੇ ਜਦੋਂ ਪ੍ਰਾਈਵੇਟ ਇਨਸ਼ੋਰੈਂਸ ਕੰਪਨੀਆਂ ਦਾ ਰਾਜ ਚੱਲਦਾ ਸੀ ਅਤੇ ਉਨ੍ਹਾਂ ਨੂੰ ਹੱਦ ਤੋਂ ਜ਼ਿਆਦਾ ਕੀਮਤ ਚਕਾਉਣੀ ਪੈਂਦੀ ਸੀ।
ਪਬਲਿਕ ਇਨਸ਼ੋਰੈਂਸ ਦੇ ਖਿਲਾਫ ਚੰਗੇ ਫੰਡਾਂ ਨਾਲ ਮੁਹਿੰਮ ਚੱਲ ਰਹੀ ਹੈ, ਜਿਸ ਦੀ ਪਿੱਠ `ਤੇ ਇਨਸ਼ੋਰੈਂਸ ਬਿਊਰੋ ਔਫ ਕੈਨੇਡਾ ਖੜ੍ਹੀ ਹੈ। ਇਹ ਨਾਂ ਕਿਸੇ ਸਰਕਾਰੀ ਏਜੰਸੀ ਦਾ ਲੱਗ ਸਕਦਾ ਹੈ, ਪਰ ਅਸਲ ਵਿਚ ਇਹ ਵੱਡੀਆਂ, ਮਲਟੀਨੈਸ਼ਨਲ ਇਨਸ਼ੋਰੈਂਸ ਕੰਪਨੀਆਂ ਲਈ ਲੌਬੀ ਕਰਨ ਵਾਲਾ ਇਕ ਗਰੁੱਪ ਹੈ।
ਅਤੇ ਇਸ ਵਿਚ ਚੁੱਪ ਚਪੀਤੇ ਕੈਨੇਡੀਅਨ ਟੈਕਸਪੇਅਰਜ਼ ਫਡਰੇਸ਼ਨ ਵੀ ਸ਼ਾਮਲ ਹੈ, ਜੋ ਕਿ ਇਕ ਪਿਛਾਖੜੀ ਲੌਬੀ ਗਰੁੱਪ ਹੈ ਜੋ ਕਿ ਸਰਕਾਰੀ ਸੇਵਾਵਾਂ ਦੇ ਵਿਰੁੱਧ ਨੇਮ ਨਾਲ ਮੁਹਿੰਮਾਂ ਚਲਾਉਂਦਾ ਹੈ।
ਅਤੇ ਆਈ ਸੀ ਬੀ ਸੀ ਦੀ 16 ਸਾਲਾਂ ਲਈ ਬਦਇੰਤਜ਼ਾਮੀ ਅਤੇ ਸਾਡੇ ਰੇਟਾਂ ਨੂੰ ਵਧਾਈ ਜਾਣ ਤੋਂ ਬਾਅਦ, BC Liberals ਹੁਣ ਪ੍ਰਾਈਵੇਟੀਕਰਨ ਲਈ ਜ਼ੋਰ ਲਾ ਰਹੇ ਹਨ – ਜਿਸ ਨਾਲ ਹੈਰਾਨੀ ਹੁੰਦੀ ਹੈ ਕਿ ਸ਼ਾਇਦ ਉਨ੍ਹਾਂ ਦਾ ਸਦਾ ਹੀ ਇਹ ਟੀਚਾ ਸੀ।
ਹਰ ਡਰਾਈਵਰ ਨੂੰ ਵਾਜਬ, ਭਰੋਸੇਯੋਗ ਅਤੇ ਵਾਰਾ ਖਾਣ ਯੋਗ ਕਾਰ ਇਨਸ਼ੋਰੈਂਸ ਦੀ ਲੋੜ ਹੈ। ਇਸ ਕਰਕੇ ਹੀ ਬੀ.ਸੀ. ਦੀ ਪਬਲਿਕ ਇਨਸ਼ੋਰੈਂਸ ਹਰ ਇੱਕ ਨੂੰ ਚੰਗੀ ਕਵਰੇਜ ਦੇਣ ਲਈ ਬਣਾਈ ਗਈ ਸੀ। ਪ੍ਰਾਈਵੇਟ ਇਨਸ਼ੋਰੈਂਸ ਕੰਪਨੀਆਂ ਦੇ ਉਲਟ ਜਿਹੜੀਆਂ ਮੁਨਾਫੇ ਸਾਡੇ ਸੂਬੇ ਤੋਂ ਬਾਹਰ ਲਿਜਾਣ `ਤੇ ਕੇਂਦਰਿਤ ਹਨ, ਆਈ.ਸੀ.ਬੀ.ਸੀ. ਤਕਰੀਬਨ 6,000 ਨੌਕਰੀਆਂ ਨਾਲ ਬ੍ਰਿਟਿਸ਼ ਕੋਲੰਬੀਆ ਭਰ ਵਿੱਚ ਸਾਡੀਆਂ ਕਮਿਉਨਟੀਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਨ ਵਿੱਚ ਮਦਦ ਕਰਦੀ ਹੈ।
ਪਬਲਿਕ ਆਟੋ ਇਨਸ਼ੋਰੈਂਸ ਦਾ ਇੱਕ ਵੱਡਾ ਫਾਇਦਾ ਇਸ ਦਾ ਭਰੋਸੇਯੋਗ ਹੋਣਾ ਹੈ। ਕਿਉਂਕਿ ਅਸੀਂ ਸਾਰੇ ਆਈ.ਸੀ.ਬੀ.ਸੀ. ਦੇ ਮਾਲਕ ਹਾਂ, ਤੁਹਾਨੂੰ ਕਦੇ ਵੀ ਇਹ ਚਿੰਤਾ ਕਰਨ ਦੀ ਲੋੜ ਨਹੀਂ ਪਵੇਗੀ ਕਿ ਤੁਹਾਡੀ ਇਨਸ਼ੋਰੈਂਸ ਕੰਪਨੀ ਅਚਾਨਕ ਆਪਣੀ ਦੁਕਾਨ ਬੰਦ ਕਰ ਦੇਵੇਗੀ, ਅਤੇ ਤੁਹਾਨੂੰ ਫਸਿਆ ਛੱਡ ਕੇ ਭੱਜ ਜਾਵੇਗੀ ਜਿਵੇਂ ਕਿ ਕੰਪਨੀਆਂ ਨੇ ਅਲਬਰਟਾ ਅਤੇ ਓਨਟੇਰੀਓ ਵਿੱਚ ਕੀਤਾ ਹੈ। ।
ਆਈ.ਸੀ.ਬੀ.ਸੀ. ਸਿਰਫ ਇਨਸ਼ੋਰੈਂਸ ਪ੍ਰਦਾਨ ਕਰਨ ਨਾਲੋਂ ਜ਼ਿਆਦਾ ਕੁਝ ਕਰਦੀ ਹੈ। ਉਹ ਡਰਾਈਵਰਾਂ ਦੇ ਲਾਇਸੰਸਾਂ, ਰੋਡ ਟੈਸਟਾਂ, ਸੜਕ ਸੁਰੱਖਿਆ ਦੇ ਉੱਦਮਾਂ ਵਰਗੀਆਂ ਸੇਵਾਵਾਂ ਅਤੇ ਹੋਰ ਵੀ ਬਹੁਤ ਕੁਝ ਪ੍ਰਦਾਨ ਕਰਦੀ ਹੈ। ਅਸਲ ਵਿੱਚ, ਬੀ.ਸੀ. ਭਰ ਵਿੱਚ ਆਈ.ਸੀ.ਬੀ.ਸੀ. ਵੱਲੋਂ ਸੜਕ ਸੁਧਾਰਾਂ ਲਈ ਖਰਚ ਕੀਤੇ ਹਰ 1 ਡਾਲਰ ਦੇ ਨਤੀਜੇ ਵਜੋਂ ਔਸਤਨ 4 ਡਾਲਰ 70 ਸੈਂਟ ਦੀ ਬਚਤ ਹੁੰਦੀ ਹੈ।
ਆਈ.ਸੀ.ਬੀ.ਸੀ. ਵੱਲੋਂ ਬੀ.ਸੀ. ਭਰ ਵਿੱਚ ਮਿਉਂਨਿਸਪਲਟੀਆਂ ਨੂੰ ਟੈਕਸਾਂ ਦੇ ਰੂਪ ਵਿੱਚ ਗਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਕਮਿਉਨਟੀ ਲਈ ਜ਼ਰੂਰੀ ਸੇਵਾਵਾਂ ਵਿੱਚ ਨਿਵੇਸ਼ ਕਰਨ ਵਾਸਤੇ ਜ਼ਿਆਦਾ ਪੈਸੇ ਮਿਲਦੇ ਹਨ। ਇਸ ਦੇ ਨਾਲ ਹੀ, ਆਈ.ਸੀ.ਬੀ.ਸੀ. ਕਮਿਉਨਟੀ ਗਰਾਂਟਾਂ ਵੀ ਦਿੰਦੀ ਹੈ, ਜਿਹੜੀਆਂ ਕਮਿਉਨਟੀ ਵਿਚਲੀਆ ਸੰਸਥਾਂਵਾਂ ਦੇ ਸੜਕ ਸੁਰੱਖਿਆ ਅਤੇ ਸੱਟਾਂ ਤੋਂ ਰਾਜ਼ੀ ਹੋਣ ਦੇ ਉੱਦਮਾਂ ਵਿੱਚ ਮਦਦ ਕਰਦੀਆਂ ਹਨ।
ਅਤੇ ਆਈ.ਸੀ.ਬੀ.ਸੀ. ਦੇ ਸੂਬੇ ਭਰ ਵਿੱਚ ਤਕਰੀਬਨ 6,000 ਮੁਲਾਜ਼ਮ ਹਨ, ਜਿਹੜੇ ਵੱਡੇ ਅਤੇ ਛੋਟੇ ਇਲਾਕਿਆਂ ਵਿੱਚ ਲੋਕਲ ਇਕੌਨਮੀ ਵਿੱਚ ਵਾਪਸ ਯੋਗਦਾਨ ਪਾਉਂਦੇ ਹਨ।
ਕਈ ਸਾਲਾਂ ਲਈ, ਆਈ.ਸੀ.ਬੀ.ਸੀ. ਦੇ ਰੇਟ ਕਾਇਮ ਰਹਿਣ ਯੋਗ ਸਨ। ਪਰ ਫਿਰ, ਪਿਛਲੀ ਬੀ.ਸੀ. ਲਿਬਰਲ ਸਰਕਾਰ ਨੇ ਬੜਾ ਨੁਕਸਾਨ ਕਰ ਦਿੱਤਾ ਅਤੇ ਡਰਾਈਵਰਾਂ ਲਈ ਖਰਚੇ ਵਧਾ ਦਿੱਤੇ।
ਸਾਲ 2010 ਵਿੱਚ, ਰਾਜ ਕਰਦੇ ਬੀ.ਸੀ. ਲਿਬਰਲਜ਼ ਨੇ ਇੱਕ ਬਿੱਲ ਪਾਸ ਕੀਤਾ ਜਿਸ ਨੇ ਉਨ੍ਹਾਂ ਨੂੰ ਆਈ.ਸੀ.ਬੀ.ਸੀ. ਵਿੱਚੋਂ ਸਰਪਲੱਸ ਫੰਡ ਕੱਢਣ ਅਤੇ ਉਹ ਪੈਸੇ ਸਰਕਾਰ ਦੀਆਂ ਅਕਾਊਂਟਿੰਗ ਦੀਆਂ ਕਿਤਾਬਾਂ ਵਿੱਚ ਪਾਉਣ ਦੀ ਆਗਿਆ ਦੇ ਦਿੱਤੀ। ਇਸ ਨਾਲ ਸਰਕਾਰ ਦੀ ਵਿੱਤ ਵਿਵਸਥਾ ਆਸ਼ਾਜਨਕ ਦਿਖਾਈ ਦੇਣ ਲੱਗੀ... ਪਰ ਇਸ ਕਾਰਣ ਆਈ.ਸੀ.ਬੀ.ਸੀ. ਵਿੱਚ ਪੈਸਿਆਂ ਦੀ ਆਈ-ਚਲਾਈ ਨੂੰ ਅਸਰਦਾਰ ਤਰੀਕੇ ਨਾਲ ਆਈ.ਸੀ.ਬੀ.ਸੀ. ਤੋਂ ਲੁੱਟ ੀ ਗਈ। ਇਸ ਨੇ ਆਈ.ਸੀ.ਬੀ.ਸੀ. ਨੂੰ ਮਾਇਕ ਤੌਰ `ਤੇ ਸਥਿਰ ਰਹਿਣ ਲਈ ਬੇਸਿਕ ਇਨਸ਼ੋਰੈਂਸ ਦੇ ਰੇਟ ਵਧਾਉਣ ਲਈ ਮਜ਼ਬੂਰ ਕਰ ਦਿੱਤਾ।
ਬੀ.ਸੀ. ਲਿਬਰਲਜ਼ ਨੇ ਆਪਣੇ ਵੱਲੋਂ ਕਰਵਾਈ ਇਕ ਸਟੱਡੀ ਦੀਆਂ ਸਿਫਾਰਸ਼ਾਂ ਜਾਣ ਬੁੱਝ ਕੇ ਅਣਡਿੱਠ ਕਰ ਦਿੱਤੀਆਂ, ਜਿਸ ਨੇ ਉਨ੍ਹਾਂ ਨੂੰ ਉਨ੍ਹਾਂ ਕਦਮਾਂ ਬਾਰੇ ਸਲਾਹ ਦਿੱਤੀ ਸੀ ਜਿਹੜੇ ਉਹ 2014 ਵਿਚ ਆਈ.ਸੀ.ਬੀ.ਸੀ. ਵਿੱਚ ਸਾਮ੍ਹਣੇ ਆ ਰਹੀਆਂ ਵਿੱਤੀ ਸਮੱਸਿਆਵਾਂ ਨਾਲ ਸਿੱਝਣ ਲਈ ਚੁੱਕ ਸਕਦੇ ਸਨ।
ਬੀ.ਸੀ. ਦੀ ਐੱਨ.ਡੀ.ਪੀ. ਸਰਕਾਰ ਵਲੋਂ ਚੁੱਕੇ ਗਏ ਕਦਮਾਂ ਕਰਕੇ, ਲੋਕਾਂ ਦੀ ਸੰਭਾਲ ਵਧੇਗੀ, ਡਰਾਈਵਰਾਂ ਲਈ ਰੇਟ ਘਟਣਗੇ, ਅਤੇ ਵਿੱਤੀ ਸਿਹਤ ਵੱਲ ਆਈ.ਸੀ.ਬੀ.ਸੀ. ਦੀ ਵਾਪਸੀ ਵਿੱਚ ਮਦਦ ਹੋਵੇਗੀ। ਉਨ੍ਹਾਂ ਨੇ ਇਕ ਬਿੱਲ ਵੀ ਪੇਸ਼ ਕੀਤਾ ਹੈ ਜਿਹੜਾ ਆਈ.ਸੀ.ਬੀ.ਸੀ. ਦੇ ਭਵਿੱਖ ਦੇ ਸਰਪਲੱਸ ਕਿਸੇ ਹੋਰ ਪਾਸੇ ਵਰਤਣ ਨੂੰ ਗਰੈਕਾਨੂੰਨੀ ਬਣਾਉਂਦਾ ਹੈ। ਇਸ ਦੇ ਇਲਾਵਾ, ਨਵਾਂ ਇਨਹੈਂਸਡ ਕੇਅਰ ਮਾਡਲ, ਐਕਸੀਡੈਂਟ ਪੀੜਤਾਂ ਦੇ ਇਲਾਜ ਅਤੇ ਸੰਭਾਲ ਲਈ ਉਪਲਬਧ ਪੈਸੇ ਬਹੁਤ ਜ਼ਿਆਦਾ ਵਧਾਏਗਾ, ਜਦੋਂ ਕਿ ਔਸਤ ਪ੍ਰੀਮੀਅਮ ਰੇਟ ਅਸਲੀਅਤ ਵਿੱਚ ਥੱਲੇ ਜਾਣਗੇ।
ਪਬਲਿਕ ਸਿਸਟਮ ਵਿਚ, ਹਰ ਕੋਈ ਪਬਲਿਕ ਇਨਸ਼ੋਰੈਂਸ: ਆਈ ਸੀ ਬੀ ਸੀ ਨਾਲ ਵਰਤਦਾ ਹੈ। ਜਦੋਂ ਕਲੇਮ ਦਰਜ ਕਰਵਾਇਆ ਜਾਂਦਾ ਹੈ ਤਾਂ ਉਹ ਇੱਕੋ ਕੰਪਨੀ ਨਾਲ ਵਰਤਦੇ ਹਨ ਜਿਹੜੀ ਸ਼ੁਰੂ ਤੋਂ ਅੰਤ ਤੱਕ ਕਲੇਮ ਨੂੰ ਨਜਿੱਠਦੀ ਹੈ।
ਪ੍ਰਾਈਵੇਟ ਸਿਸਟਮ ਵਿਚ, ਤੁਹਾਡੇ ਲਈ ਵੱਖ ਵੱਖ ਇਨਸ਼ੋਰੈਂਸ ਕੰਪਨੀਆਂ ਨਾਲ ਵਰਤਣਾ ਜ਼ਰੂਰੀ ਹੈ। ਵੱਖ ਵੱਖ ਇਨਸ਼ੋਰੈਂਸ ਕੰਪਨੀਆਂ (ਕਈ ਕਾਰਾਂ ਦੇ ਐਕਸੀਡੈਂਟ ਵਿਚ ਇਹ ਤਿੰਨ ਜਾਂ ਜ਼ਿਆਦਾ ਹੋ ਸਕਦੀਆਂ ਹਨ!) ਫਿਰ ਇਹ ਤੂੰ ਤੂੰ ਮੈਂ ਮੈਂ ਕਰਦੀਆਂ ਹਨ ਕੌਣ ਕਿੰਨਾ ਖਰਚਾ ਦੇਵੇਗਾ ਅਤੇ ਕਿਸ ਨੂੰ ਦੇਵੇਗਾ। ਅੰਤਿਮ ਨਤੀਜਾ? ਕਲੇਮ ਨਿਪਟਾਉਣ ਨੂੰ ਲੰਬਾ ਸਮਾਂ ਲੱਗਦਾ ਹੈ ਅਤੇ ਡਰਾਈਵਰਾਂ ਨੂੰ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਹੈ। ਅਤੇ ਇਹ ਕਿਤੇ ਜ਼ਿਆਦਾ ਮਹਿੰਗਾ ਹੈ – ਉਹ ਖਰਚੇ ਜਿਹੜੇ ਕੰਪਨੀਆਂ ਜ਼ਿਆਦਾ ਪ੍ਰੀਮੀਅਮਾਂ ਵਿਚ ਅਗਾਂਹ ਤੋਰ ਦਿੰਦੀਆਂ ਹਨ।